ਮਾਰਚ 2023 ਇਜਲਾਸ: ਹੱਕਾਂ ਲਈ ਸੰਘਰਸ਼ ਦੀ ਨਵੀਂ ਯੋਜਨਾ

ਮਿਤੀ: ਮਾਰਚ 2023 | ਵੱਲੋਂ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਭੂਮਿਕਾ: ਇੱਕ ਨਵੀਂ ਸ਼ੁਰੂਆਤ ਅਤੇ ਆਤਮ-ਪੜਚੋਲ

ਬਹੁਤ ਹੀ ਸਤਿਕਾਰਯੋਗ ਤੇ ਪਿਆਰੇ ਡੈਲੀਗੇਟ ਸਾਥੀਓ, ਅੱਜ ਜਦੋਂ ਆਪਾਂ 5 ਸਾਲਾਂ ਬਾਅਦ ਸੂਬਾ ਡੈਲੀਗੇਟ ਇਜਲਾਸ ਵਿੱਚ ਜੁੜ ਬੈਠੇ ਹਾਂ, ਤਾਂ ਅਸੀਂ ਜਥੇਬੰਦੀ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਆਪਣੀਆਂ ਕਮੀਆਂ ਅਤੇ ਅਧੂਰੇ ਕਾਰਜ਼ਾਂ ਦੀ ਡੂੰਘੀ ਪੜਚੋਲ ਕੀਤੀ ਹੈ।

ਇਸ ਇਜਲਾਸ ਦੌਰਾਨ ਇਹ ਗੱਲ ਸਪੱਸ਼ਟ ਰੂਪ ਵਿੱਚ ਸਾਹਮਣੇ ਆਈ ਹੈ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ ਦੇ ਹਾਕਮਾਂ ਰਾਹੀਂ ਨਵ-ਉਦਾਰਵਾਦੀ ਨੀਤੀਆਂ ਦੁਆਰਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਿੱਤੇ ਉੱਤੇ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਇਸ ਚੁਣੌਤੀ ਦਾ ਟਾਕਰਾ ਕਰਨ ਲਈ ਸਾਨੂੰ ਆਪਣੀ ਬੌਧਿਕ ਚੇਤਨਾ ਅਤੇ ਜਥੇਬੰਦਕ ਢਾਂਚੇ ਨੂੰ ਨਵੇਂ ਸਿਰਿਓਂ ਮਜ਼ਬੂਤ ਕਰਨ ਦੀ ਲੋੜ ਹੈ।

ਮੌਜੂਦਾ ਚੁਣੌਤੀਆਂ ਅਤੇ ਕਮੀਆਂ

ਪੜਚੋਲ ਦੌਰਾਨ ਕੁਝ ਅਹਿਮ ਨੁਕਤੇ ਸਾਹਮਣੇ ਆਏ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣਾ ਲਾਜ਼ਮੀ ਹੈ:

  • ਬੌਧਿਕਤਾ ਦੀ ਘਾਟ: ਸੂਬਾ ਕੋਰ ਕਮੇਟੀ ਵਿੱਚ ਬੌਧਿਕ ਪੱਧਰ ਦੀ ਕਮੀ ਕਾਰਨ ਸਹੀ ਪਾਲਿਸੀਆਂ ਬਣਾਉਣ ਵਿੱਚ ਦਿੱਕਤ ਆ ਰਹੀ ਹੈ।
  • ਜਥੇਬੰਦਕ ਖੋਰਾ: ਪਿਛਲੇ 5 ਸਾਲਾਂ ਵਿੱਚ ਪਿੰਡਾਂ ਦੇ ਲਗਭਗ 90% ਢਾਂਚੇ ਨੂੰ ਖੋਰਾ ਲੱਗਾ ਹੈ।
  • ਸਾਂਝੇ ਸੰਘਰਸ਼ ਦੀ ਨੀਤੀ: ਦੂਜੀਆਂ ਜਥੇਬੰਦੀਆਂ ਨਾਲ ਤਾਲਮੇਲਵੇਂ ਸੰਘਰਸ਼ ਲੜਨ ਬਾਰੇ ਸਪੱਸ਼ਟਤਾ ਦੀ ਲੋੜ ਹੈ।
  • ਸਿਖਲਾਈ ਦੀ ਤੋਟ: ਆਗੂ ਟੀਮਾਂ ਦੀ ਚੇਤਨਾ ਵਧਾਉਣ ਲਈ ਪਿਛਲੇ ਸਮੇਂ ਵਿੱਚ ਕਾਰਜ ਅਧੂਰੇ ਰਹੇ ਹਨ।

ਅਗਲੇ 3 ਸਾਲਾਂ ਲਈ ਰਣਨੀਤਿਕ ਕਾਰਜ-ਯੋਜਨਾ (Schooling Policy)

ਸੂਬਾ ਟੀਮ, ਜ਼ਿਲ੍ਹਾ, ਜ਼ੋਨ ਅਤੇ ਪਿੰਡ ਪੱਧਰ ਦੀਆਂ ਟੀਮਾਂ ਨੂੰ ਜਾਗ੍ਰਿਤ ਕਰਨ ਲਈ ਇੱਕ ਵਿਸ਼ੇਸ਼ ਸਕੂਲਿੰਗ ਪਾਲਿਸੀ ਬਣਾਈ ਜਾਵੇਗੀ:

1. ਢਾਂਚਾਗਤ ਸਿਖਲਾਈ

  • ਸੂਬਾ ਟੀਮ ਜ਼ਿਲ੍ਹਾ ਟੀਮਾਂ ਨੂੰ, ਅਤੇ ਜ਼ਿਲ੍ਹਾ ਟੀਮਾਂ ਜ਼ੋਨ ਟੀਮਾਂ ਨੂੰ ਸਿੱਖਿਅਤ ਕਰਨਗੀਆਂ।
  • ਜ਼ੋਨ ਟੀਮਾਂ ਹਰ 15 ਦਿਨਾਂ ਬਾਅਦ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਹਾਲਤਾਂ ਬਾਰੇ ਜਾਣੂ ਕਰਵਾਉਣਗੀਆਂ।
  • ਆਗੂਆਂ ਨੂੰ ਪ੍ਰੈੱਸ ਬਿਆਨ ਅਤੇ ਮੰਗ ਪੱਤਰ ਲਿਖਣ ਦੀ ਵਿਸ਼ੇਸ਼ ਟਰੇਨਿੰਗ ਦਿੱਤੀ ਜਾਵੇਗੀ।

2.ਪਿੰਡ ਪੱਧਰੀ ‘ਸ਼ਕਤੀ ਦਾ ਧੁਰਾ’

ਜਥੇਬੰਦੀ ਦੀ ਨੀਂਹ ਪਿੰਡ ਹੈ। ਨਵੀਂ ਪਾਲਿਸੀ ਅਨੁਸਾਰ:

  • ਹਰ ਪਿੰਡ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਬੀਬੀਆਂ ਦੀ 21 ਮੈਂਬਰੀ ਕਮੇਟੀ ਬਣੇਗੀ।
  • ਜਦੋਂ ਹਰ ਪਿੰਡ ਵਿੱਚ 3-3 ਸਾਂਝੀਆਂ ਕਮੇਟੀਆਂ (ਕਿਸਾਨ-ਮਜ਼ਦੂਰ, ਬੀਬੀਆਂ ਅਤੇ ਨੌਜਵਾਨ) ਹੋਣਗੀਆਂ, ਤਾਂ ਪਿੰਡ ਵਿੱਚ 40-50 ਚੇਤੰਨ ਆਗੂ ਪੈਦਾ ਹੋਣਗੇ।
  • ਇਹ ਆਗੂ ਨਸ਼ੇ, ਭ੍ਰਿਸ਼ਟਾਚਾਰ ਅਤੇ ਸਥਾਨਕ ਮਸਲਿਆਂ ਦਾ ਨਿਪਟਾਰਾ ਪਿੰਡ ਪੱਧਰ ‘ਤੇ ਹੀ ਕਰਨਗੇ।

ਕੁੱਲਵਕਤੀ (Whole-timer) ਆਗੂ ਅਤੇ ਅਨੁਸ਼ਾਸਨ

ਜਥੇਬੰਦੀ ਦੀ ਰੀੜ੍ਹ ਦੀ ਹੱਡੀ ਵਜੋਂ ਕੁੱਲਵਕਤੀ ਆਗੂ ਪੈਦਾ ਕੀਤੇ ਜਾਣਗੇ। ਉਨ੍ਹਾਂ ਲਈ ਨਿਯਮ:

“ਕੁੱਲਵਕਤੀ ਆਗੂ ਸਾਦਾ ਜੀਵਨ, ਤਿਆਗ ਅਤੇ ਸੇਵਾ ਦੀ ਮੂਰਤ ਹੋਣਗੇ। ਉਨ੍ਹਾਂ ਕੋਲ ਕੋਈ ਨਿੱਜੀ ਜਾਇਦਾਦ ਨਹੀਂ ਹੋਵੇਗੀ ਅਤੇ ਉਹ ਜਥੇਬੰਦੀ ਦੇ ਨਿਸ਼ਾਨੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣਗੇ।”

  • ਸੰਚਾਰ: ਮੁੱਖ ਦਫਤਰ ਨਾਲ ਨਿਰੰਤਰ ਤਾਲਮੇਲ ਅਤੇ ਫੋਨਾਂ ਦੀ ਸੀਮਤ ਵਰਤੋਂ।
  • ਪਛਾਣ: ਹਰ ਮੈਂਬਰ ਲਈ ਬੈਜ, ਸਟਿੱਕਰ, ਝੰਡਾ ਅਤੇ ਮੈਂਬਰਸ਼ਿਪ ਪਰਚੀ ਲਾਜ਼ਮੀ ਹੋਵੇਗੀ।

ਐਮਰਜੈਂਸੀ ਰਣਨੀਤੀ ਅਤੇ ਵਲੰਟੀਅਰ

ਸਰਕਾਰੀ ਜਬਰ ਅਤੇ ਸੰਚਾਰ ਸਾਧਨ (ਇੰਟਰਨੈੱਟ, ਫੋਨ) ਬੰਦ ਹੋਣ ਦੀ ਸੂਰਤ ਵਿੱਚ:

  • ਟਰੇਂਡ ਵਲੰਟੀਅਰ: ਜ਼ਿਲ੍ਹੇ ਦਰ ਜ਼ਿਲ੍ਹੇ ਗੁਪਤ ਸੰਦੇਸ਼ ਪਹੁੰਚਾਉਣ ਲਈ ਵਿਸ਼ੇਸ਼ ਗਰੁੱਪ।
  • ਗੁਪਤ ਟਿਕਾਣੇ: ਐਮਰਜੈਂਸੀ ਮੀਟਿੰਗਾਂ ਲਈ ਪਹਿਲਾਂ ਹੀ ਗੁਪਤ ਥਾਵਾਂ ਦੀ ਨਿਸ਼ਾਨਦੇਹੀ।

ਭਵਿੱਖੀ ਰੂਪ-ਰੇਖਾ (2023-2026)

ਕੱਢੇ ਗਏ ਕਾਰਜ਼ਾਂ ਦੀ ਸਮੀਖਿਆ ਲਈ ਹੇਠ ਲਿਖੇ ਅਨੁਸਾਰ ਇਜਲਾਸ ਹੋਣਗੇ:

ਸਮਾਂ

ਇਜਲਾਸ ਦੀ ਕਿਸਮ

ਨਵੰਬਰ – ਦਸੰਬਰ 2023

ਦੋ ਦਿਨਾਂ ਸੂਬਾ ਡੈਲੀਗੇਟ ਇਜਲਾਸ ( ਸਮੀਖਿਆ )

2024 – 2025

ਅੰਸ਼ਿਕ ਸੂਬਾ ਡੈਲੀਗੇਟ ਇਜਲਾਸ

2026

ਮੁੱਖ ਸੂਬਾ ਡੈਲੀਗੇਟ ਇਜਲਾਸ ( ਵਿਧਾਨ ਮੁਤਾਬਕ )

ਭਵਿੱਖ ਦੀ ਯੋਜਨਾ

ਸਾਡਾ ਰਾਜਨੀਤਿਕ ਨਿਸ਼ਾਨਾ ਮਨੁੱਖ ਪੱਖੀ ਤੇ ਕੁਦਰਤ ਪੱਖੀ ਰਾਜ ਲਿਆਉਣਾ ਹੈ। ਸਹੀ ਜਥੇਬੰਦਕ ਲਾਈਨ ਅਤੇ ਚੇਤੰਨ ਵਰਕਰਾਂ ਰਾਹੀਂ ਹੀ ਅਸੀਂ ਇਸ ਜਿੱਤ ਨੂੰ ਹਕੀਕਤ ਵਿੱਚ ਬਦਲ ਸਕਦੇ ਹਾਂ। ਆਓ, ਪਿੰਡਾਂ ਤੋਂ ਇੱਕ ਨਵੇਂ ਸਮਾਜ ਦੀ ਉਸਾਰੀ ਦਾ ਮੁੱਢ ਬੰਨ੍ਹੀਏ।

ਸੰਘਰਸ਼ ਜਾਰੀ ਹੈ!